Sunday, May 6, 2012

                 ਪੰਜਾਬ ਦਾ ਟਸ਼ਨ
  ਹਰ ਘਰ 'ਚ ਛੇ ਛੇ ਮੋਬਾਇਲ
                      ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਦੇ ਹਰ ਘਰ ਵਿੱਚ ਹੁਣ ਔਸਤਨ ਛੇ ਮੋਬਾਇਲ ਫੋਨ ਹਨ। ਇੰਂਝ ਲੱਗਦਾ ਹੈ ਕਿ ਜਿਵੇਂ ਮੋਬਾਇਲ ਫੋਨਾਂ ਦਾ ਪੰਜਾਬ ਵਿੱਚ ਹੜ• ਆ ਗਿਆ ਹੋਵੇ। ਮੋਬਾਇਲ ਫੋਨਾਂ ਦੇ ਕੁਨੈਕਸ਼ਨਾਂ 'ਤੇ ਨਜ਼ਰ ਮਾਰੀਏ ਤਾਂ ਹਰ ਪੰਜਾਬੀ ਦੇ ਹਿੱਸੇ ਇੱਕ ਮੋਬਾਇਲ ਫੋਨ ਆਉਂਦਾ ਹੈ। ਮੋਬਾਇਲ ਕੁਨੈਕਸ਼ਨ ਏਨੀ ਹੋ ਗਏ ਹਨ ਕਿ ਨਿਆਣਿਆਂ ਦੇ ਹਿੱਸੇ ਵੀ ਔਸਤਨ ਇੱਕ ਮੋਬਾਇਲ ਫੋਨ ਆ ਰਿਹਾ ਹੈ। ਕੋਈ ਟਾਵਾਂ ਹੀ ਹੋਵੇਗਾ ਜੋ ਮੋਬਾਇਲ ਫੋਨ ਤੋਂ ਬਚਿਆ ਹੋਵੇਗਾ। ਪਾਰਲੀਮੈਂਟ ਦੇ ਮੌਜੂਦਾ ਸੈਸ਼ਨ 'ਚ 2 ਮਈ 2012 ਨੂੰ ਸੰਚਾਰ ਮੰਤਰਾਲੇ ਵਲੋਂ ਜੋ ਅਣਸਟਾਰਡ ਸੁਆਲ ਨੰਬਰ 4312 ਦਾ ਜੁਆਬ ਦਿੱਤਾ ਹੈ, ਉਸ ਤੋਂ ਇਹ ਤੱਥ ਸਾਹਮਣੇ ਆਏ ਹਨ। ਮੋਬਾਇਲ ਫੋਨਾਂ ਦਾ ਪਸਾਰ ਹੋ ਰਿਹਾ ਹੈ ਲੇਕਿਨ ਭਾਰਤ ਸੰਚਾਰ ਨਿਗਮ ਲਿਮਟਿਡ ਦੀ ਕਮਾਈ ਸੁੰਘੜ ਰਹੀ ਹੈ ਜਦੋਂ ਕਿ ਖਰਚੇ ਵੱਧ ਰਹੇ ਹਨ। ਮੋਬਾਇਲ ਫੋਨ ਦੇ ਖੇਤਰ ਵਿੱਚ ਪ੍ਰਾਈਵੇਟ ਕੰਪਨੀਆਂ ਹੱਥ ਰੰਗ ਰਹੀਆਂ ਹਨ। ਪੰਜਾਬ ਦੇ ਘਰ ਘਰ ਮੋਬਾਇਲ ਫੋਨ ਪੁੱਜ ਗਿਆ ਹੈ। ਪੰਜਾਬੀ ਰੋਜ਼ਾਨਾ ਕਰੋੜਾਂ ਰੁਪਏ ਮੋਬਾਇਲ ਫੋਨ ਦੀਆਂ ਕਾਲਾਂ ਤੇ ਖਰਚ ਰਹੇ ਹਨ। ਮੋਬਾਇਲ ਫੋਨ ਦੇ ਕੁਨੈਕਸ਼ਨ ਲੈਣ ਦੇ ਮਾਮਲੇ ਵਿੱਚ ਪੰਜਾਬ ਨੇ ਕਈ ਵੱਡੇ ਸੂਬਿਆਂ ਨੂੰ ਵੀ ਪਿਛੇ ਛੱਡ ਦਿੱਤਾ ਹੈ। ਪੰਜਾਬ ਇਸ ਮਾਮਲੇ ਵਿੱਚ ਹਰਿਆਣਾ ਨਾਲੋਂ ਵੀ ਅੱਗੇ ਹਨ।
           ਕੇਂਦਰੀ ਸੰਚਾਰ ਮੰਤਰਾਲੇ ਵਲੋਂ ਜੋ 29 ਫਰਵਰੀ 2012 ਤੱਕ ਦੀ ਮੋਬਾਇਲ ਫੋਨ ਕੁਨੈਕਸ਼ਨਾਂ ਦੀ ਸੂਚਨਾ ਦਿੱਤੀ ਗਈ ਹੈ, ਉਸ ਅਨੁਸਾਰ ਪੰਜਾਬ ਵਿੱਚ ਇਸ ਵੇਲੇ 3.34 ਕਰੋੜ ਮੋਬਾਇਲ ਫੋਨਾਂ ਦੇ ਕੁਨੈਕਸ਼ਨ ਹਨ। ਜਦੋਂ ਸਾਲ 2011 ਦੀ ਜਨਗਣਨਾ ਅਨੁਸਾਰ ਪੰਜਾਬ ਵਿੱਚ ਕੁੱਲ 54.09 ਲੱਖ ਘਰ ਹਨ। ਇਸ ਹਿਸਾਬ ਨਾਲ ਪੰਜਾਬ ਦੇ ਹਰ ਘਰ ਦੇ ਹਿੱਸੇ ਔਸਤਨ ਅੱਧੀ ਦਰਜ਼ਨ ਮੋਬਾਇਲ ਫੋਨ ਆਉਂਦੇ ਹਨ। ਤਾਜਾ ਜਨਗਣਨਾ ਅਨੁਸਾਰ ਪੰਜਾਬ ਦੀ ਆਬਾਦੀ 2.77 ਕਰੋੜ ਹੈ ਜਦੋਂ ਕਿ ਮੋਬਾਇਲ ਫੋਨਾਂ ਦੇ ਕੁਨੈਕਸ਼ਨਾਂ ਦੀ ਗਿਣਤੀ ਪੰਜਾਬ ਵਿੱਚ 3.34 ਕਰੋੜ ਹੈ। ਸਪੱਸ਼ਟ ਸੰਕੇਤ ਹਨ ਕਿ ਕੋਈ ਪੰਜਾਬੀ ਮੋਬਾਇਲ ਫੋਨ ਤੋਂ ਬਚਿਆ ਨਹੀਂ ਹੈ। ਮੋਬਾਇਲ ਕੰਪਨੀਆਂ ਦਾ ਖਜ਼ਾਨਾ ਪੰਜਾਬ ਦੇ ਲੋਕਾਂ ਨੇ ਭਰ ਦਿੱਤਾ ਹੈ। ਇਹ ਵੱਖਰੀ ਗੱਲ ਹੈ ਕਿ ਪੰਜਾਬ ਦੇ ਲੋਕ ਸੰਕਟਾਂ ਦੀ ਮਾਰ ਝੱਲ ਰਹੇ ਹਨ। ਸਚਾਈ ਹੈ ਕਿ ਮੋਬਾਇਲ ਫੋਨਾਂ ਦੇ ਕੁਨੈਕਸ਼ਨਾਂ ਦੀ ਵੱਡੀ ਗਿਣਤੀ ਸ਼ਹਿਰੀ ਖੇਤਰ ਵਿੱਚ ਹੈ ਪ੍ਰੰਤੂ ਹੁਣ ਪੰਜਾਬ ਦੇ ਪਿੰਡ ਵੀ ਪਿਛੇ ਨਹੀਂ ਰਹੇ ਹਨ। ਲੰਘੇ ਮਾਲੀ ਸਾਲ ਵਿੱਚ ਮੋਬਾਇਲ ਫੋਨ ਦੇ ਨਵੇਂ ਕੁਨੈਕਸ਼ਨਾਂ ਨੂੰ ਥੋੜੀ ਠੱਲ ਪਈ ਹੈ।
         ਸਰਕਾਰੀ ਸੂਚਨਾ ਅਨੁਸਾਰ ਪੰਜਾਬ ਵਿੱਚ ਜਿਆਦਾ ਮੋਬਾਇਲ ਕੁਨੈਕਸ਼ਨ ਪ੍ਰਾਈਵੇਟ ਕੰਪਨੀਆਂ ਨੇ ਵੇਚੇ ਹਨ। ਪ੍ਰਾਈਵੇਟ ਕੰਪਨੀਆਂ ਦੇ ਮੋਬਾਇਲ ਕੁਨੈਕਸ਼ਨ ਇਸ ਵੇਲੇ ਪੰਜਾਬ ਵਿੱਚ 2.75 ਕਰੋੜ ਹਨ ਜਦੋਂ ਕਿ ਭਾਰਤ ਸੰਚਾਰ ਨਿਗਮ ਅਤੇ ਐਮ.ਟੀ.ਐਨ.ਐਲ ਦੇ ਕੁਨੈਕਸ਼ਨਾਂ ਦੀ ਗਿਣਤੀ ਸਿਰਫ 58.28 ਲੱਖ ਹੈ। ਪ੍ਰਾਈਵੇਟ ਕੰਪਨੀਆਂ ਦੇ ਕੁਨੈਕਸ਼ਨਾਂ ਦੀ ਗਿਣਤੀ ਪੰਜਾਬ ਵਿੱਚ ਹਰ ਵਰੇ• ਤੇਜੀ ਨਾਲ ਵੱਧ ਰਹੀ ਹੈ। ਪੰਜਾਬ ਦੇ ਲੋਕਾਂ ਨੇ ਮਾਲੀ ਸਾਲ 2011-12 ਦੌਰਾਨ 30.67 ਲੱਖ ਨਵੇਂ ਮੋਬਾਇਲ ਕੁਨੈਕਸ਼ਨ ਲਏ ਹਨ ਜਦੋਂ ਕਿ ਸਾਲ 2010-11 ਦੌਰਾਨ ਪੰਜਾਬੀ ਲੋਕਾਂ ਨੇ ਇੱਕੋ ਵਰੇ• ਵਿੱਚ 86.4 ਲੱਖ ਨਵੇਂ ਮੋਬਾਇਲ ਕੁਨੈਕਸ਼ਨ ਲਏ ਸਨ। ਉਸ ਤੋਂ ਪਹਿਲਾਂ ਸਾਲ 2009-10 ਦੇ ਵਰੇ• ਦੌਰਾਨ ਪੰਜਾਬ ਦੇ ਲੋਕਾਂ ਨੇ 51.7 ਲੱਖ ਮੋਬਾਇਲ ਫੋਨਾਂ ਦੇ ਨਵੇਂ  ਕੁਨੈਕਸ਼ਨ ਲਏ ਸਨ। ਬੀ.ਐਸ.ਐਨ.ਐਲ ਦੀ ਗੱਲ ਕਰੀਏ ਤਾਂ 31 ਮਾਰਚ 2009 ਨੂੰ ਇਸ ਸਰਕਾਰੀ ਨਿਗਮ ਦੇ ਪੰਜਾਬ ਵਿਚਲੇ ਮੋਬਾਇਲ ਫੋਨ ਕੁਨੈਕਸ਼ਨਾਂ ਦੀ ਗਿਣਤੀ 42.41 ਲੱਖ ਸੀ ਜੋ ਕਿ ਅਗਲੇ ਵਰੇ• 31 ਮਾਰਚ 2010 ਨੂੰ ਵੱਧ ਕੇ 49.46 ਲੱਖ ਹੋ ਗਈ। 31 ਮਾਰਚ 2011 ਨੂੰ ਇਸ ਦੇ ਮੋਬਾਇਲ ਕੁਨੈਕਸ਼ਨਾਂ ਦੀ ਗਿਣਤੀ 58.09 ਲੱਖ ਹੋ ਗਈ ਸੀ।
          ਜਨਗਣਨਾ 2011 ਅਨੁਸਾਰ ਪੰਜਾਬ ਵਿੱਚ 82.1 ਫੀਸਦੀ ਲੋਕਾਂ ਟੈਲੀਫੋਨ/ਮੋਬਾਇਲ ਫੋਨ ਹੈ ਜਦੋਂ ਕਿ ਸਾਲ 2001 ਵਿੱਚ ਪੰਜਾਬ ਦੇ ਸਿਰਫ 18.9 ਫੀਸਦੀ ਲੋਕਾਂ ਕੋਲ ਹੀ ਟੈਲੀਫੋਨ/ਮੋਬਾਇਲ ਫੋਨ ਸੀ। ਇੱਕ ਦਹਾਕੇ ਵਿੱਚ ਮੋਬਾਇਲ ਫੋਨ ਕੰਪਨੀਆਂ ਨੇ ਪੰਜਾਬ ਵਿੱਚ ਖੂਬ ਮੇਲਾ ਲੁੱਟਿਆ ਹੈ। ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿੱਚ 2.27 ਕਰੋੜ ਮੋਬਾਇਲ ਫੋਨ ਕੁਨੈਕਸ਼ਨ ਹਨ ਜਦੋਂ ਕਿ ਦੇਸ਼ ਭਰ ਵਿੱਚ ਮੋਬਾਇਲ ਫੋਨ ਕੁਨੈਕਸ਼ਨਾਂ ਦੀ ਗਿਣਤੀ 944.40 ਮਿਲੀਅਨ ਹੈ। ਮਾਰਕੀਟ ਵਿੱਚ ਇਸ ਵੇਲੇ 15 ਮੋਬਾਇਲ ਕੰਪਨੀਆਂ ਹਨ ਜੋ ਇਸ ਕਾਰੋਬਾਰ ਵਿੱਚ ਹਨ। ਮੋਬਾਇਲ ਫੋਨ ਕੁਨੈਕਸ਼ਨਾਂ ਦੀ ਮਾਰਕੀਟ ਵਿੱਚ ਇਸ ਵੇਲੇ ਸਭ ਤੋਂ ਵੱਡਾ ਹਿੱਸਾ ਏਅਰਟੈਲ ਕੰਪਨੀ ਦਾ 19.28 ਫੀਸਦੀ ਹੈ ਜਦੋਂ ਕਿ ਬੀ.ਐਸ.ਐਨ.ਐਲ ਦੀ ਹਿੱਸੇਦਾਰੀ ਸਿਰਫ 12.75 ਫੀਸਦੀ ਰਹਿ ਗਈ ਹੈ। ਦੂਸਰੇ ਨੰਬਰ 'ਤੇ ਰਿਲਾਇੰਸ ਹੈ ਜਿਸ ਦੀ ਹਿੱਸੇਦਾਰੀ 16.23 ਫੀਸਦੀ ਹੈ। ਵੋਡਾਫੋਨ ਦਾ ਮਾਰਕੀਟ ਵਿੱਚ 15.82 ਫੀਸਦੀ ਹਿੱਸਾ ਹੈ। ਬੀ.ਐਸ.ਐਨ.ਐਲ ਦਾ ਖਰਚਾ ਦਿਨ ਬ ਦਿਨ ਵੱਧ ਰਿਹਾ ਹੈ। ਬੀ.ਐਸ.ਐਨ.ਐਲ ਦੀ ਸਾਲ 2010-11 ਵਿੱਚ ਆਮਦਨ 29688 ਕਰੋੜ ਸੀ ਜਦੋਂ ਕਿ ਖਰਚ 36002 ਕਰੋੜ ਸੀ। ਸਾਲ 2011-12 ਵਿੱਚ 31 ਦਸੰਬਰ 2011 ਤੱਕ ਇਸ ਅਦਾਰੇ ਦੀ ਆਮਦਨ 20617 ਕਰੋੜ ਸੀ ਜਦੋਂ ਕਿ ਖਰਚ  27170 ਕਰੋੜ ਸੀ।
  ਪੰਜਾਬ ਵਿੱਚ ਮੋਬਾਇਲ ਕੁਨੈਕਸ਼ਨ ਦੀ ਗਿਣਤੀ
ਮਾਲੀ ਵਰ•ਾ  ਕੁਨੈਕਸ਼ਨਾਂ ਦੀ ਗਿਣਤੀ
2008-09   1.65 ਕਰੋੜ
2009-10   2.17 ਕਰੋੜ
2010-11                  3.03 ਕਰੋੜ
2011-12 (29 ਫਰਵਰੀ ਤੱਕ)    3.34 ਕਰੋੜ

No comments:

Post a Comment